ਬੱਚਿਆਂ ਨੂੰ ਸਕਰੀਨਾਂ ਤੋਂ ਮੋੜਦੇ ਹੋਏ, ਖੇਡਾਂ ਦੇ ਮੈਦਾਨਾਂ ਵੱਲ ਪ੍ਰੇਰਿਤ ਕਰਨ ਵਾਲੇ ਗੁਰਸ਼ੇਰ ਮਾਨ ਨੂੰ ਮਿਲਿਆ ਸਨਮਾਨ

Gursher Singh Maan

ਆਪਣੇ ਅਥਲੈਟਿਕਸ ਦੇ ਸਫਰ ਦੌਰਾਨ ਗੁਰਸ਼ੇਰ ਹੁਰਾਂ ਨੇ 7 ਵਾਰ ਵੱਖ-ਵੱਖ ਈਵੈਂਟਸ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ ਹੋਈ ਹੈ। Credit: Gursher Maan

ਚਾਰ ਸਾਲ ਪਹਿਲਾਂ ਸਿਡਨੀ ਵਿਖੇ ਇੱਕ ਛੋਟੇ ਜਿਹੇ ਉਪਰਾਲੇ 'ਗਲੈਨਵੁੱਡ ਅਥਲੈਟਿਕਸ ਐਂਡ ਸਪੋਰਟਸ ਕਲੱਬ' ਦੀ ਸ਼ੁਰੂਆਤ ਕਰਦੇ ਹੋਏ ਬੱਚਿਆਂ ਅਤੇ ਬਾਲਗਾਂ ਨੂੰ ਮੁੜ ਤੋਂ ਖੇਡਾਂ ਦੇ ਮੈਦਾਨਾਂ ਨਾਲ ਜੋੜਨ ਵਾਲੇ ਅਥਲੀਟ ਅਤੇ ਕੋਚ ਗੁਰਸ਼ੇਰ ਸਿੰਘ ਮਾਨ ਨੂੰ ਪੰਜਾਬੀਆਂ ਦੀ ਬਹੁਤਾਤ ਵਾਲੀ ਬਲੈਕਟਾਊਨ ਕੌਂਸਲ ਵਲੋਂ 'ਕੋਚ ਆਫ ਦਾ ਯੀਅਰ' ਨਾਲ ਸਨਮਾਨਿਆ ਗਿਆ ਹੈ।


Key Points
  • ਸਿਡਨੀ ਨਿਵਾਸੀ ਗੁਰਸ਼ੇਰ ਮਾਨ ਪਿਛਲੇ 4 ਸਾਲਾਂ ਤੋਂ ਸਿਡਨੀ ਦੇ ਗਲੈੱਨਵੁੱਡ ਸਬਰਬ ਵਿੱਚ ਖੇਡਾਂ ਦਾ ਕਲੱਬ ਚਲਾ ਰਹੇ ਹਨ।
  • ਗਲੈੱਨਵੁੱਡ ਅਥਲੈਟਿਕਸ ਐਂਡ ਸਪੋਰਟਸ ਕਲੱਬ ਵਿੱਚ ਇਸ ਸਮੇਂ 4 ਤੋਂ 65 ਸਾਲਾਂ ਦੇ ਲੋਕ ਖੇਡਾਂ ਦੀ ਸਿਖਲਾਈ ਲੈ ਰਹੇ ਹਨ।
  • ਇਸ ਕਲੱਬ ਦੇ ਕਈ ਖਿਡਾਰੀ ਸਟੇਟ ਅਤੇ ਨੈਸ਼ਨਲ ਲੈਵਲ ਤੱਕ ਵੀ ਖੇਡ ਚੁੱਕੇ ਹਨ।
ਸਿਡਨੀ ਦੀ ਬਲੈਕਟਾਊਨ ਕੌਂਸਲ ਵਲੋਂ ਹਰ ਸਾਲ ਭਾਈਚਾਰੇ ਲਈ ਸ਼ਲਾਘਾਯੋਗ ਕਾਰਜ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।

ਇਸ ਸਾਲ ਦੇ ਸਨਮਾਨ ਸਮਾਰੋਹ ਦੌਰਾਨ ਸਿਡਨੀ ਨਿਵਾਸੀ ਪੰਜਾਬੀ ਮੂਲ ਦੇ ਅਥਲੀਟ ਅਤੇ ਕੋਚ ਗੁਰਸ਼ੇਰ ਸਿੰਘ ਮਾਨ, ਜੋ ਕਿ ਪਿਛਲੇ ਚਾਰ ਸਾਲਾਂ ਤੋਂ ਗਲੈਨਵੁੱਡ ਅਥਲੈਟਿਕਸ ਐਂਡ ਸਪੋਰਟਸ ਕਲੱਬ ਦੁਆਰਾ 4 ਤੋਂ 65 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹਨ, ਨੂੰ 'ਕੋਚ ਆਫ ਦਾ ਯੀਅਰ' ਨਾਲ ਸਨਾਮਨਿਤ ਕੀਤਾ ਗਿਆ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਸ੍ਰੀ ਮਾਨ ਨੇ ਕਿਹਾ ਕਿ, "ਮੇਰੀ ਹਮੇਸ਼ਾਂ ਹੀ ਕੋਸ਼ਿਸ਼ ਰਹੀ ਹੈ ਕਿ ਕਿਸੇ ਨਾ ਕਿਸੇ ਤਰਾਂ ਲੋਕਾਂ ਨੂੰ ਇੰਟਰਨੈੱਟ ਅਤੇ ਸਕਰੀਨਾਂ ਤੋਂ ਮੋੜਦੇ ਹੋਏ, ਉਨ੍ਹਾਂ ਦੀ ਜੀਵਨਸ਼ੈਲੀ ਹੋਰ ਵੀ ਵਧੇਰੇ ਕਿਰਿਆਸ਼ੀਲ ਬਣਾਈ ਜਾਵੇ।"

ਬੈਚਲਰਸ ਆਫ ਸਪੋਰਟਸ ਦੀ ਪੜਾਈ ਮੁਕੰਮਲ ਕਰਨ ਤੋਂ ਬਾਅਦ ਸ੍ਰੀ ਮਾਨ ਨੇ ਕੁੱਝ ਸਮਾਂ ਭਾਰਤੀ ਫੌਜ ਵਿੱਚ ਵੀ ਨੌਕਰੀ ਕੀਤੀ।
Gursher Maan award - club photo.jpg
ਗਲੈੱਨਵੁੱਡ ਅਥਲੈਟਿਕਸ ਐਂਡ ਸਪੋਰਟਸ ਕਲੱਬ ਵਿੱਚ ਇਸ ਸਮੇਂ 4 ਤੋਂ 65 ਸਾਲਾਂ ਦੇ ਲੋਕ ਖੇਡਾਂ ਦੀ ਸਿਖਲਾਈ ਲੈ ਰਹੇ ਹਨ। Credit: Gursher Maan
ਆਪਣੇ ਅਥਲੈਟਿਕਸ ਦੇ ਸਫਰ ਦੌਰਾਨ ਗੁਰਸ਼ੇਰ ਹੁਰਾਂ ਨੇ 7 ਵਾਰ ਵੱਖ-ਵੱਖ ਈਵੈਂਟਸ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ ਹੋਈ ਹੈ।

"ਮੈਂ ਇਹੀ ਸਲਾਹ ਦਿੰਦਾ ਹਾਂ ਕਿ ਸਾਰਿਆਂ ਨੂੰ ਰੋਜ਼ਾਨਾਂ 30 ਮਿੰਟ ਪੈਦਲ ਜ਼ਰੂਰ ਚੱਲਣਾ ਚਾਹੀਦਾ ਹੈ",ਉਨ੍ਹਾਂ ਕਿਹਾ।

ਗਲੈਨਵੁੱਡ ਅਥਲੈਟਿਕਸ ਐਂਡ ਸਪੋਰਟਸ ਕਲੱਬ ਇਸ ਸਮੇਂ ਹਫਤੇ ਦੇ ਚਾਰ ਦਿਨ, ਅਤੇ ਹਰ ਹਫਤਾਅੰਤ 'ਤੇ ਕੋਚਿੰਗ ਪ੍ਰਦਾਨ ਕਰ ਰਿਹਾ ਹੈ ਅਤੇ ਇਸ ਵਲੋਂ ਤਿਆਰ ਕੀਤੇ ਹੋਏ ਕਈ ਖਿਡਾਰੀ ਸਟੇਟ ਅਤੇ ਨੈਸ਼ਨਲ ਲੈਵਲ ਤੱਕ ਪ੍ਰਾਪਤੀਆਂ ਹਾਸਲ ਕਰ ਚੁੱਕੇ ਹਨ।

ਗੁਰਸ਼ੇਰ ਮਾਨ ਹੁਰੀਂ ਆਪਣੇ ਨੇੜਲੇ ਭਵਿੱਖ ਵਿੱਚ ਹੋਰ ਕੀ ਕਰਨਾ ਚਾਹੁੰਦੇ ਹਨ, ਇਹ ਜਾਨਣ ਲਈ ਉੱਪਰ ਆਡੀਓ ਆਈਕਨ 'ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share